ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਹੋ ਗਏ ਹਨ ਅਤੇ ਅੱਜ ਵੀ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਨਸਾਫ ਨਹੀਂ ਮਿਲ ਪਾਇਆ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ ਰਹਿਣਗੇ ਪਰ ਉਹ ਲਗਾਤਾਰ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਹੁਣ ਤੱਕ ਉਸ ਨੂੰ ਜਾਂਚ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਪੁੱਤਰ ਦੀ ਮੌਤ ਪਿੱਛੇ ਕਿਹੜੀ ਤਾਕਤ ਸੀ। ਬੇਸ਼ੱਕ ਗੋਲ਼ੀ ਮਾਰਨ ਵਾਲੇ ਫੜ੍ਹੇ ਗਏ ਹਨ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਦੇ ਕਤਲ ਦੀ ਸਾਜਿਸ਼ ਰਚਣ ਵਾਲਿਆਂ ਤੱਕ ਸਰਕਾਰ ਪਹੁੰਚ ਕਰੇ, ਇਸ ਦੇ ਪਿੱਛੇ ਮਿਊਜ਼ਿਕ ਇੰਡਸਟਰੀ ਤੇ ਰਾਜਨੀਤਿਕ ਲੋਕ ਵੀ ਹੋ ਸਕਦੇ ਹਨ, ਜਿੰਨ੍ਹਾਂ ਨੇ ਉਸ ਦੇ ਬੇਟੇ ਨੂੰ ਪਾਸੇ ਕਰਕੇ ਆਪਣਾ ਧੰਦਾ ਚਲਾਇਆ।
ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਇੰਗਲੈਂਡ ਗਏ ਸੀ ਉਥੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਜਿਸ ਤੋਂ ਪਤਾ ਲਗਦਾ ਹੈ ਕਿ ਸਿੱਧੂ ਉਨ੍ਹਾਂ ਦਾ ਨਹੀਂ 150 ਦੇਸ਼ਾਂ ਦੇ ਬੇਟਾ ਬਣ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਪੁਲਿਸ ਨੇ ਉਨ੍ਹਾਂ ਦੀ ਪੂਰੀ ਸੁਰੱਖਿਆ ਕੀਤੀ ਤੇ ਜੇ ਕੋਈ ਦਰਵਾਜੇ ਉੱਤੇ ਆਉਂਦਾ ਸੀ ਤਾਂ ਤਿੰਨ ਮਿੰਟਾਂ ਦੇ ਅੰਦਰ ਹੀ ਪੁਲਿਸ ਪਹੁੰਚ ਜਾਂਦੀ ਸੀ। ਬਲੌਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਵਿਦੇਸ਼ਾਂ ਵਿੱਚ ਪੱਗ ਤੇ ਪੰਜਾਬੀ ਨੂੰ ਘਰ-ਘਰ ਤੱਕ ਪਹੁੰਚਾਇਆ, ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਦੀ ਤੀਜੀ ਪੀੜੀ ਸਿੱਧੂ ਦੀ ਬਦੌਲਤ ਹੀ ਪੰਜਾਬੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੇ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।
ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਨਸਾਫ਼ ਦੀ ਲੜਾਈ ਲਈ ਪੰਜਾਬ ਸਰਕਾਰ ਨੂੰ 25 ਨਵੰਬਰ ਤਕ ਦਾ ਸਮਾਂ ਦੇ ਕੇ ਕਿਹਾ ਸੀ ਕਿ ਜੇਕਰ ਇਨਸਾਫ਼ ਦੀ ਲੜਾਈ ਸਹੀ ਰਸਤੇ ਨਾ ਤੁਰੀ ਤਾਂ ਉਹ ਦੇਸ਼ ਛੱਡ ਦੇਣਗੇ। ਇਸ ਦੇ ਚੱਲਦਿਆਂ ਉਹ ਅੱਜ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨਾਲ ਮੀਟਿੰਗ ਕਰਨਗੇ ਅਤੇ ਆਪਣਾ ਅਗਲਾ ਫ਼ੈਸਲਾ ਲੈਣਗੇ।