ਸਵਿਧਾਨ ਮੁਤਾਬਕ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਕਰੀਬ ਇਕ ਮਹੀਨੇ ਦਾ ਸਮਾਂ ਹੋ ਚੱਕਾ ਹੈ। ਲਗਾਤਾਰ ਮੋਰਚੇ ਦੇ ਆਗੂਆਂ ਅਤੇ ਸੰਗਤਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਸਰਕਾਰ ਦੀ ਅਣਦੇਖੀ ਕਾਰਨ ਸਿੱਖ ਜਥੇਬੰਦੀਆਂ ਅੱਜ ਦੂਜੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰਵਾਨਾ ਹੋਈਆਂ, ਪਰ ਪੁਲਿਸ ਨੇ ਚੰਡੀਗੜ੍ਹ ਸਰਹੱਦ ਉਤੇ ਸਿੱਖ ਜਥੇ ਨੂੰ ਰੋਕ ਲਿਆ ਹੈ। ਇਸ ਮਗਰੋਂ ਉਨ੍ਹਾਂ ਨੇ ਉਥੇ ਬੈਠ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਿਸ ਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹੁੰਦੇ ਵਿਖਾਈ ਦਿੱਤੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪੰਜ ਮੈਂਬਰਾਂ ਤੋਂ ਵੱਧ ਲੋਕ ਅੱਗੇ ਨਹੀਂ ਜਾ ਸਕਦੇ। ਇਸ ਲਈ ਪ੍ਰਦਰਸ਼ਨਕਾਰੀਆਂ ਨੇ ਫ਼ੈਸਲਾ ਕੀਤਾ ਕਿ ਪੰਜ ਮੈਂਬਰੀ ਜੱਥਾ ਅੱਗੇ ਜਾਵੇਗਾ ਤੇ ਸੀਐਮ ਦੀ ਰਿਹਾਇਸ਼ ਅੱਗੇ ਜਾਪ ਕਰੇਗਾ। ਇਸ ਤੋਂ ਬਾਅਦ ਉਸ ਜੱਥੇ ਦੇ ਵਾਪਸ ਆਉਣ ਉਤੇ ਅਗਲਾ ਜੱਥਾ ਸੀਐਮ ਦੀ ਰਿਹਾਇਸ਼ ਵੱਲ ਰਵਾਨਾ ਹੋਵੇਗਾ।
ਦਸਣਯੋਗ ਹੈ ਕਿ ਮੋਰਚੇ ਦੀਆਂ ਮੁੱਖ ਮੰਗਾਂ ‘ਚ (ਬੰਦੀ ਸਿੰਘਾਂ ਦੀ ਰਿਹਾਈ, ਗੋਲੀਕਾਂਡ-ਬੇਅਦਬੀ ਵਿਚ ਇਨਸਾਫ਼, ਸਖ਼ਤ ਕਾਨੂੰਨ ਬਣਾਉਣ ਦੀ ਮੰਗ, ਜਿਸ ‘ਚ ਉਮਰ ਕੈਦ ਦੀ ਸਜ਼ਾ ਸ਼ਾਮਲ ਹੋਵੇ, ਅਤੇ 328 ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਣ ਦੀ ਜਾਂਚ ਅਤੇ ਕਾਰਵਾਈ) ਸ਼ਾਮਲ ਹਨ।