ਖ਼ਬਰ ਚੰਡੀਗੜ੍ਹ ਦੇ ਡੀ. ਜੀ. ਪੀ. ਪਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਨਾਲ ਜੁੜੀ ਹੋਈ ਹੈ। ਦਸ ਦਈਏ ਕਿ ਚੰਡੀਗੜ੍ਹ ਦੇ ਐੱਸ. ਐੱਚ. ਓ. ਸੁਖਦੀਪ ਸਿੰਘ ਦੀ ਧੀ ਦਾ ਵਿਆਹ ਚੰਡੀਗੜ੍ਹ ਦੇ ਲੇਕ ਕਲੱਬ ‘ਚ ਸੀ। ਇਸ ਚੱਲ ਰਹੇ ਵਿਆਹ ਸਮਾਗਮ ਦੌਰਾਨ ਚੰਡੀਗੜ੍ਹ ਦੇ ਡੀ. ਜੀ. ਪੀ. ਪਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਜ਼ਖਮੀ ਹੋ ਗਏ। ਦਸਣਯੋਗ ਹੈ ਕਿ ਲੇਕ ਕਲੱਬ ‘ਚ ਲੱਗੇ ਟੈਂਟ ਤੇਜ਼ ਹਵਾਵਾਂ ਦੇ ਕਾਰਨ ਪਿੱਲਰ ਸਣੇ ਹੇਠਾਂ ਆ ਗਏ, ਜਿਸ ਦੌਰਾਨ ਡੀ. ਜੀ. ਪੀ., ਉਨ੍ਹਾਂ ਦੀ ਪਤਨੀ ਅਤੇ ਡੀ. ਐੱਸ. ਪੀ. ਗੁਰਮੁਖ ਸਿੰਘ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੂਰੇ ਵਿਆਹ ਸਮਾਰੋਹ ‘ਚ ਭੜਥੂ ਪੈ ਗਿਆ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਐੱਸ. ਐੱਚ. ਓ. ਸੁਖਦੀਪ ਸਿੰਘ ਦੀ ਧੀ ਦਾ ਵਿਆਹ ਸੀ ਅਤੇ ਉਨ੍ਹਾਂ ਨੇ ਵਿਆਹ ਦਾ ਸੱਦਾ ਡੀ. ਜੀ. ਪੀ. ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਤਾ ਹੋਇਆ ਸੀ।
ਲੇਕ ਕਲੱਬ ‘ਚ ਕੈਟਰਿੰਗ ਤੋਂ ਲੈ ਕੇ ਟੈਂਟ ਆਦਿ ਦਾ ਪ੍ਰਬੰਧ ਬਾਹਰੀ ਕਾਂਟਰੈਕਟਰ ਤੋਂ ਕਰਵਾਇਆ ਗਿਆ ਸੀ। ਖੁੱਲ੍ਹੇ ‘ਚ ਟੈਂਟ ਲੱਗੇ ਹੋਣ ਅਤੇ ਹਵਾ ਦੇ ਤੇਜ਼ ਦਬਾਅ ਕਾਰਨ ਟੈਂਟ ਉੱਖੜ ਗਿਆ, ਜਿਸ ਦੌਰਾਨ ਡੀ. ਜੀ. ਪੀ., ਉਨ੍ਹਾਂ ਦੀ ਪਤਨੀ ਅਤੇ ਡੀ. ਐੱਸ. ਪੀ. ਜ਼ਖਮੀ ਹੋ ਗਏ। ਫਿਲਹਾਲ ਪੁਲਸ ਇਸ ਘਟਨਾ ‘ਚ ਲਾਪਰਵਾਹੀ ਦੇ ਐਂਗਲ ਨੂੰ ਲੈ ਕੇ ਜਾਂਚ ਕਰ ਰਹੀ ਹੈ। ਤਿੰਨਾਂ ਨੂੰ ਤੁਰੰਤ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਇਲਾਜ ਤੋਂ ਬਾਅਦ ਡੀ. ਜੀ. ਪੀ. ਅਤੇ ਉਨ੍ਹਾਂ ਦੀ ਪਤਨੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉੱਥੇ ਹੀ ਡੀ. ਐੱਸ. ਪੀ. ਗੁਰਮੁਖ ਸਿੰਘ ਦੇ ਸਿਰ, ਮੋਢੇ ਅਤੇ ਪਿੱਠ ‘ਤੇ ਸੱਟਾਂ ਲੱਗੀਆਂ ਹਨ।