ਪੰਜਾਬ ਦੀ ਮਾਨ ਸਰਕਾਰ ਨੇ ਪੰਜਾਬੀਆਂ ਨੂੰ ਇਕ ਹੋਰ ਵੱਡੀ ਰਾਹਤ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਆਦ ਪੂਰੀ ਕਰ ਚੁੱਕੇ ਤਿੰਨ ਟੋਲ ਪਲਾਜ਼ੇ- ਮਜਾਰੀ (ਨਵਾਂਸ਼ਹਿਰ ਜ਼ਿਲ੍ਹੇ ਦਾ), ਨੰਗਲ ਸ਼ਹੀਦਾਂ ਅਤੇ ਮਾਨਗੜ੍ਹ (ਹੁਸ਼ਿਆਰਪੁਰ ਜ਼ਿਲ੍ਹੇ ਦੇ) ਬੰਦੇ ਕਰ ਦਿੱਤੇ ਹਨ। ਸੀ.ਐਮ. ਮਾਨ ਅੱਜ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ‘ਤੇ ਪਹੁੰਚੇ ਜਿਥੇ ਉਹਨਾਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ 3 ਹੋਰ ਟੋਲ ਪਲਾਜ਼ੇ ਬੰਦ ਕਰ ਰਹੇ ਹਾਂ।
ਇਥੇ ਇਹ ਦੱਸਣਯੋਗ ਹੈ ਕਿ ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦੇ ਤਿੰਨ ਟੋਲ ਪਲਾਜ਼ਿਆ ਤਹਿਤ 105 ਕਿਲੋਮੀਟਰ ਦੇ ਲਗਭਗ ਸੜਕ ਪੈਂਦੀ ਹੈ। ਇਸ ਸੜਕ ’ਤੇ ਹਰ 35 ਕਿੱਲੋਮੀਟਰ ਤੋਂ ਬਾਅਦ ਕੰਪਨੀ ਦਾ ਟੋਲ ਹੈ। ਜਿਥੇ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਉਥੇ ਹੀ ਟੋਲ ਕਰਮਚਾਰੀਆਂ ਨੂੰ ਆਪਣੇ ਰੁਜ਼ਗਾਰ ਦੀ ਚਿੰਤਾ ਸਤਾਉਣ ਲੱਗ ਪਈ ਹੈ। ਪਰ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਟੋਲ ਕਰਮਚਾਰੀਆਂ ਦਾ ਰੁਜ਼ਗਾਰ ਰੁਕਣ ਨਹੀਂ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਟੋਲ ਕੰਪਨੀ ਵਲੋਂ ਸਮਾਂ ਵਧਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਕੰਪਨੀ ਦੀ ਮੰਗ ਨੂੰ ਠੁਕਰਾ ਦਿੱਤਾ।