ਹੱਥ ਨਾਲ ਹੱਥ ਜੋੜੋ ਮੁਹਿੰਮ ਨੂੰ ਲੈਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅਨੁਭਵ ਲੋਕਾਂ ਤੱਕ ਪਹੁੰਚਾਉਣ ਸਬੰਧੀ ਵਿਚਾਰ ਚਰਚਾ ਕੀਤੀ।
ਹੁਸ਼ਿਆਰਪੁਰ ‘ਚ ਤਿੰਨ ਟੋਲ ਪਲਾਜ਼ਾ ਬੰਦ ਕਰਵਾਉਣ ਵਾਲੇ ਮਾਮਲੇ ‘ਤੇ ਰਾਜਾ ਵੜਿੰਗ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਜਿਹੜੇ ਟੋਲ ਪਲਾਜ਼ੇ ‘ਤੇ ਨਾਜਾਇਜ਼ ਟੋਲ ਇਕੱਠਾ ਕੀਤਾ ਜਾ ਰਿਹਾ ਸੀ, ਉਹ ਗਲਤ ਹੈ। ਜਬਰੀ ਟੋਲ ਵਸੂਲਣਾ ਮਾੜੀ ਗੱਲ ਹੈ। ਲੋਕਾਂ ਨੂੰ ਟੋਲ ਬੰਦ ਹੋਣ ਨਾਲ ਰਾਹਤ ਮਿਲੇਗੀ। ਟੋਲ ਪਲਾਜ਼ੇ ਵਾਲੇ ਲੱਖਾਂ ਰੁਪਏ ਲੋਕਾਂ ਦੀ ਜੇਬ ‘ਚੋਂ ਕੱਢ ਕੇ ਪਹਿਲਾਂ ਹੀ ਲੈ ਗਏ ਹਨ।
ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਪੰਜਾਬ ਦੀ ਆਪ ਸਰਕਾਰ ‘ਤੇ ਚੁੱਕੇ ਸਵਾਲ ਬਾਰੇ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਟੈਕਸ ਇਕੱਠੇ ਕਰਕੇ ਕੇਂਦਰ ਨੂੰ ਜਾਂਦੇ ਹਨ ਤੇ ਫਿਰ ਉਹੀ ਪੈਸਾ ਪੰਜਾਬ ਕੋਲ ਵਾਪਿਸ ਆਉਂਦਾ ਹੈ। ਇਸ ਵਿਚ ਕੇਂਦਰ ਦਾ ਪੈਸਾ ਹੋਣ ਦੀ ਕੋਈ ਗੱਲ ਨਹੀਂ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਫੋਕੀਆਂ ਸਕੀਮਾਂ ਨਾ ਚਲਾਉ। ਆਪ ਸਰਕਾਰ ਪੁਰਾਣੀਆਂ ਇਮਾਰਤਾਂ ‘ਚ ਨਵੇਂ ਕਲੀਨਿਕ ਖੋਲ੍ਹ ਕੇ ਵਾਹੋ -ਵਾਹੀ ਨਾ ਖੱਟੇ। ਉਨ੍ਹਾਂ ਕਿਹਾ ਕਿ ਆਪ ਵਾਲੇ ਮੁਹੱਲਾ ਕਲੀਨੀਕ ਖੋਲ ਕੇ ਫੋਟੋਆਂ ਦੀ ਖੇਡ ਖੇਡੀ ਜਾ ਰਹੇ ਹਨ।
ਉਥੇ ਹੀ ਸਾਬਕਾ ਕਾਂਗਰਸੀ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਘਰ ਪਹੁੰਚਝ ਵਿਜੀਲੈਂਸ ਦੀ ਟੀਮ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਚੰਗਾ ਹੋਇਆ ਕਿ ਇਹ ਬੀਜੇਪੀ ‘ਚ ਚਲਾ ਗਿਆ ਨਹੀਂ ਤਾਂ ਪੱਤਰਕਾਰਾਂ ਨੇ ਕਾਗਂਰਸ ਨੂੰ ਨਹੀਂ ਛੱਡਣਾ ਸੀ। ਹੁਣ ਤੁਸੀਂ ਬੀਜੇਪੀ ਤੋਂ ਪੁੱਛੋਂ ਸ਼ਾਮ ਸੁੰਦਰ ਅਰੋੜਾ ਬਾਰੇ। ਨਾਲ ਹੀ ਉਹਨਾਂ ਕਿਹਾ ਕਿ ਸੀਐਮ ਅਤੇ ਰਾਜਪਾਲ ਆਪਸ ‘ਚ ਲੜੀ ਜਾਂਦੇ ਹਨ। ਜੇ ਇਨ੍ਹਾਂ ਦੀ ਲੜਾਈ ਨਹੀਂ ਠੀਕ ਹੋ ਰਹੀ ਤਾਂ ਮੈਂ ਇਨ੍ਹਾਂ ਦਾ ਸਮਝੌਤਾ ਕਰਵਾ ਦਿੰਦਾ ਹਾਂ। ਜੇ ਇਨ੍ਹਾਂ ਤੋਂ ਮਸਲਾ ਹੱਲ ਨਹੀਂ ਹੋ ਰਿਹਾ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਨਾਲ ਕੋਈ ਨਾ ਕੋਈ ਕੁੰਡਾ ਫਸਿਆ ਰਹੇ ਤੇ ਸਾਡਾ ਫਾਇਦਾ ਹੁੰਦਾ ਰਹੇ। ਇਸ ਲਈ ਮੈਂ ਆਪ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ , ਮੈਂ ਪੰਜਾਬ ਵਾਸਤੇ ਦੋਵਾਂ ਦੇ ਪੈਰੀ ਹੱਥ ਲਾ ਕੇ ਮਿਨਤ ਕਰ ਲਉਂਗਾ। ਇਨ੍ਹਾਂ ਦਾ ਰਾਜੀਨਾਮਾ ਕਰਾਉਣ ਲਈ ਮੈਂ ਆਪਣੀ ਪੱਗ ਵੀ ਇਨ੍ਹਾਂ ਦੇ ਪੈਰਾਂ ‘ਚ ਰੱਖ ਦਿਓਗਾ। ਪੰਜਾਬ ਦੇ ਭਲੇ ਲਈ ਮੈਂ ਇਨ੍ਹਾਂ ਦਾ ਰਾਜੀਨਾਮਾ ਕਰਾਉਣ ਲਈ ਤਿਆਰ ਹਾਂ।