ਅੱਜ ਪੂਰੇ ਪੰਜਾਬ ਦੇ ਵਿਚ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਬਰਸੀ ਮਨਾਈ ਗਈ। ਇਸ ਸਮਾਗਮ ਵਿੱਚ ਦੀਪ ਸਿੱਧੂ ਦੇ ਐਕਸੀਡੈਂਟ ਵਾਲੀ ਸਕੋਰਪੀਓ ਗੱਡੀ ਵੀ ਰੱਖੀ ਗਈ। ਇਹ ਕਾਰ ਅੱਜ ਵੀ ਉਸੇ ਹਾਲਤ ਵਿੱਚ ਹੈ। ਉਥੇ ਹੀ ਦੂਜੇ ਪਾਸੇ ਦੀਪ ਸਿੱਧੂ ਲਈ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਰਦਾਸ ਕਰਨ ਲਈ ਅੰਮ੍ਰਿਤਸਰ ਪਹੁੰਚੇ। ਅਦਾਕਾਰ ਦੀਪ ਸਿੱਧੂ ਦੀ ਪਹਿਲੀ ਬਰਸੀ ਉੱਪਰ ਅੰਮ੍ਰਿਤਪਾਲ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦੀਪ ਸਿੱਧੂ ਦੀ ਮੌਤ ਨੂੰ ਸ਼ਹੀਦੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਜਿਸ਼ ਕਰਕੇ ਦੀਪ ਸਿੱਧੂ ਨੂੰ ਸ਼ਹੀਦ ਕੀਤਾ ਹੈ।
ਹਾਲਾਂਕਿ ਉਨ੍ਹਾਂ ਨੇ ਰੀਨਾ ਰਾਏ ਵਲੋਂ ਹਾਲ ਹੀ ਵਿਚ ਦੀਪ ਸਿੱਧੂ ਦੀ ਮੌਤ ਬਾਰੇ ਦਿੱਤੇ ਬਿਆਨ ਨੂੰ ਨਿੱਜੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਵੱਖਰੇ ਵਿਚਾਰ ਹੋ ਸਕਦੇ ਹਨ। ਨਾਲ ਹੀ ਉਹਨਾ ਕਿਹਾ ਕਿ ਕਈ ਵਾਰ ਸਾਜਿਸ਼ਾਂ ਨੂੰ ਸਮਝਣਾ ਔਖਾ ਹੋ ਜਾਂਦਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ, ਬਾਬਾ ਮੋਰਾਂਵਾਲੀ, ਲੱਖਾ ਸਿਧਾਣਾ ਵੀ ਇਸਦਾ ਹਿੱਸਾ ਬਣੇ।