ਸ਼ਰਧਾ ਵਾਲਕਰ ਦੇ ਹੋਏ ਰੂਹ-ਕੰਬਾਊ ਕਤਲ ਤੋਂ ਲੋਕ ਅਜੇ ਉਭਰੇ ਨਹੀਂ ਸੀ ਕਿ ਹੁਣ ਅਜਿਹਾ ਹੀ ਇਕ ਹਰੋ ਮਾਮਲਾ ਸਾਹਮਣੇ ਆ ਗਿਆ ਹੈ। ਦਰਅਸਲ, ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਇਕ ਵਿਅਕਤੀ ਵਲੋਂ ਆਪਣੀ ਪ੍ਰੇਮਿਕਾ ਦੇ ਟੁਕੜੇ ਕਰਕੇ ਉਸ ਦੀ ਲਾਸ਼ ਨੂੰ ਇੱਕ ਢਾਬੇ ਦੇ ਫਰਿੱਜ ਵਿਚ ਰੱਖ ਦਿੱਤਾ।
ਦੱਖਣ-ਪੱਛਮੀ ਦਿੱਲੀ ਦੇ ਪਿੰਡ ਮਿੱਤਰਾਓਂ ਦੇ ਬਾਹਰਵਾਰ ਇੱਕ ਢਾਬੇ ਦੇ ਫਰਿੱਜ ਵਿੱਚੋਂ ਨਿੱਕੀ ਯਾਦਵ ਨਾਂ ਦੀ ਲੜਕੀ ਦੀ ਲਾਸ਼ ਮਿਲੀ ਹੈ। ਇਸ ਮਾਮਲੇ ਦੇ ਵਿਚ ਪੁਲਿਸ ਨੇ ਦੋਸ਼ੀ ਸਾਹਿਲ ਗਹਿਲੋਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਆਪਣੀ ਪ੍ਰੇਮਿਕਾ ਨਿੱਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਫਰਿੱਜ ਵਿੱਚ ਰੱਖ ਦਿੱਤਾ ਅਤੇ ਉਸੇ ਦਿਨ ਇੱਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ। ਪੁਲਿਸ ਨੂੰ ਮਿਲੀ ਜਾਣਕਾਰੀ ‘ਚ ਪਤਾ ਲੱਗਾ ਹੈ ਕਿ ਦੋਸ਼ੀ ਸਾਹਿਲ ਕਾਫੀ ਸਮੇਂ ਤੋਂ ਨਿੱਕੀ ਨਾਲ ਲਿਵ-ਇਨ ‘ਚ ਰਹਿ ਰਿਹਾ ਸੀ ਪਰ ਉਹ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦਾ ਸੀ। ਜਿਵੇਂ ਹੀ ਨਿੱਕੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਸਾਹਿਲ ਨੇ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਗਹਿਲੋਤ ਮ੍ਰਿਤਕ ਦੇਹ ਦੇ ਨਾਲ ਕਰੀਬ 36 ਕਿਲੋਮੀਟਰ ਦੂਰ ਉਸ ਦੇ ਢਾਬੇ ‘ਤੇ ਪਹੁੰਚਿਆ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਨਿੱਕੀ ਯਾਦਵ ਦੀ ਲਾਸ਼ ਨੂੰ 5 ਦਿਨਾਂ ਤੱਕ ਫਰਿੱਜ ਵਿੱਚ ਲੁਕੋ ਕੇ ਰੱਖਿਆ ਸੀ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਪੁਲਿਸ ਦੇ ਸਪੈਸ਼ਲ ਕਮਿਸ਼ਨਰ ਨੇ ਕਿਹਾ, “ਪੁੱਛਗਿੱਛ ‘ਤੇ ਦੋਸ਼ੀ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਲਗਾਤਾਰ ਪੁੱਛਗਿੱਛ ‘ਤੇ, ਉਸਨੇ ਖੁਲਾਸਾ ਕੀਤਾ ਕਿ ਉਸਨੇ 9 ਫਰਵਰੀ ਅਤੇ 10 ਫਰਵਰੀ ਦੀ ਵਿਚਕਾਰਲੀ ਰਾਤ ਨੂੰ ਆਪਣੀ ਪ੍ਰੇਮਿਕਾ ਨਿੱਕੀ ਯਾਦਵ ਦਾ ਕਤਲ ਕੀਤਾ ਸੀ ਅਤੇ ਉਸਦੀ ਲਾਸ਼ ਨੂੰ ਫਰਿੱਜ ਵਿਚ ਰੱਖਿਆ ਸੀ। ਉਸ ਦਾ ਢਾਬਾ ਪਿੰਡ ਮਿੱਤਰਾਂ ਦੇ ਬਾਹਰਵਾਰ ਇੱਕ ਖਾਲੀ ਪਲਾਟ ਵਿੱਚ ਹੈ।
ਸਾਹਿਲ ਗਹਿਲੋਤ ਨੇ ਅੱਗੇ ਖੁਲਾਸਾ ਕੀਤਾ ਕਿ 2018 ਵਿੱਚ ਉਹ ਪੱਛਮੀ ਦਿੱਲੀ ਦੇ ਉੱਤਮ ਨਗਰ ਖੇਤਰ ਵਿੱਚ ਇੱਕ ਕੋਚਿੰਗ ਸੈਂਟਰ ਵਿੱਚ ਲੜਕੀ ਨੂੰ ਮਿਲਿਆ ਸੀ, ਜਿੱਥੇ ਉਹ ਐਸਐਸਸੀ ਪ੍ਰੀਖਿਆਵਾਂ ਦੀ ਤਿਆਰੀ ਲਈ ਸ਼ਾਮਲ ਹੋਇਆ ਸੀ। ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਨੇ ਕਿਹਾ, ‘ਉਸ ਸਮੇਂ ਨਿੱਕੀ ਉੱਤਮ ਨਗਰ ਸਥਿਤ ਆਕਾਸ਼ ਇੰਸਟੀਚਿਊਟ ‘ਚ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ।