ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਰਹੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ 2017 ‘ਚ ਦਰਜ ਹੋਏ ਪਰਚੇ ‘ਤੇ ਵੱਡੀ ਰਾਹਤ ਮਿਲ ਗਈ ਹੈ। ਦਸ ਦਈਏ ਕਿ ਤਰਨਤਾਰਨ ਅਦਾਲਤ ਨੇ 2017 ‘ਚ ਪਾਰਟੀ ਵਲੋਂ ਦਿੱਤੇ ਧਰਨੇ ਦੌਰਾਨ ਉਸ ਸਮੇਂ ਦੇ ਡੀ. ਸੀ. ਖ਼ਿਲਾਫ ਭੱਦੀ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਅਕਾਲੀ ਆਗੂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਅੱਜ ਉਸਦੀ ਸੁਣਵਾਈ ਸੀ ਜਿਸ ਵਿਚ ਮਾਨਯੋਗ ਅਦਾਲਤ ਵਲੋ ਸ਼ੁੱਕਰਵਾਰ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਇਸ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ।
ਸਾਲ 2017 ਦੇ ਮਾਮਲੇ ਸਬੰਧੀ ਵਿਰਸਾ ਸਿੰਘ ਵਲਟੋਹਾ ਖ਼ਿਲਾਫ ਕੇਸ ਦੀ ਸੁਣਵਾਈ ਮਾਣਯੋਗ ਜੱਜ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ’ਚ ਚੱਲ ਰਹੀ ਸੀ। ਜਿਸ ਵਿਚ ਉਹਨਾਂ ਨੇ ਅਕਾਲੀ ਆਗੂ ਵਲਟੋਹਾ ਨੂੰ ਰਾਹਤ ਦਿੱਤੀ। ਪ੍ਰੋਫੈਸਰ ਵਲਟੋਹਾ ਦੇ ਬਰੀ ਹੋਣ ’ਤੇ ਅਕਾਲੀ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਵਲਟੋਹਾ ਨੇ ਅਦਾਲਤ ਵੱਲੋਂ ਇਨਸਾਫ ਮਿਲਣ ’ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਨਿਆਂ ਪ੍ਰਣਾਲੀ ਦਾ ਵੀ ਧੰਨਵਾਦ ਕੀਤਾ।