ਅਜਨਾਲਾ ਤੋਂ ਇਕ ਨੌਜਵਾਨ ਨੂੰ ਅਗਵਾ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਹਿਲਾਂ ਤਾਂ ਪੁਲਿਸ ਵਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਣੇ 6 ਵਿਅਕਤੀਆਂ ਖਿਲਾਫ਼ ਬਾਏ-ਨੇਮ ਮੁਕੱਦਮਾ ਦਰਜ ਕੀਤਾ ਗਿਆ। ਹੁਣ ਅੱਜ ਅਜਨਾਲਾ ਪੁਲਿਸ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਦੋ ਸਾਥੀ ਗ੍ਰਿਫ਼ਤਾਰ ਵੀ ਕਰ ਲਏ ਗਏ ਹਨ। ਇਸ ਦੀ ਜਾਣਕਾਰੀ ਖ਼ੁਦ ਅੰਮ੍ਰਿਤਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪਾ ਕੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਅਜਨਾਲਾ ਪੁਲਸ ਵੱਲੋਂ ਕਿਸੇ ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ ਹੇਠ ਝੂਠਾ ਅਤੇ ਬੇ-ਬੁਨਿਆਦ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਪੁਲਸ ਵੱਲੋਂ ਸਾਡੇ ਦੋ ਸਿੰਘ ਲਵਪ੍ਰੀਤ ਸਿੰਘ ਤੂਫ਼ਾਨ ਅਤੇ ਜਥੇਦਾਰ ਸੰਧੂ ਨੂੰ ਘਰੋਂ ਚੁੱਕ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਅਸੀਂ ਪੁਲਿਸ ਨੂੰ ਬੜੀ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਵਿਚ ਨਹੀਂ ਆਉਣਾ ਚਾਹੁੰਦੇ ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰ੍ਹਾਂ ਇਕੱਲੇ-ਇਕੱਲੇ ਚੁੱਕਣਾ ਹੈ ਤਾਂ ਫਿਰ ਆਪਾਂ ਇਕ ਵਾਰੀ ਇਕੱਠੇ ਹੋ ਕੇ ਦੇਖ ਲੈਂਦੇ ਹਨ, ਕਿਸ ਭਾਅ ਵਿਕਦੀ ਹੈ। ਕਿਉਂ ਕਿ ਭੱਜਦਿਆਂ ਨੂੰ ਵਾਹਣ ਇਕੋ ਜਿਹੇ ਹੀ ਹੁੰਦੇ ਹਨ।
ਉਨ੍ਹਾਂ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚੋ, ਉਸ ਤੋਂ ਬਾਅਦ ਅੱਗੇ ਕੀ ਕਰਨਾ ਹੈ ਇਸ ਸਬੰਧੀ ਇੱਥੇ ਬੈਠ ਕੇ ਵਿਚਾਰ ਚਰਚਾ ਕੀਤੀ ਜਾਵੇਗੀ। ਹਾਲਾਂਕਿ, ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਅੰਮ੍ਰਿਤਪਾਲ ਦੇ ਕਿਸੇ ਵੀ ਸਾਥੀ ਨੂੰ ਹਾਲੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਰਫ਼ ਛਾਪੇਮਾਰੀ ਹੀ ਕੀਤੀ ਜਾ ਰਹੀ ਹੈ।