ਰੂਟੀਨ ਚੈਕਅੱਪ ਲਈ ਪਟਿਆਲਾ ਜੇਲ੍ਹ ਤੋਂ ਭਾਰੀ ਪੁਲਿਸ ਸੁਰੱਖਿਆ ਵਿਚ ਸਰਕਾਰੀ ਮੈਡੀਕਲ ਹਸਪਤਾਲ ਗਏ ਬਲਵੰਤ ਸਿੰਘ ਰਾਜੋਆਣਾ ਨੇ ਕੌਮੀ ਇਨਸਾਫ ਮੋਰਚੇ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ, “ਮੇਰਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਮੇਰਾ ਪਰਿਵਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਵੱਲੋਂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਕੀਲ ਅਮਰ ਸਿੰਘ ਚਾਹਲ ਨੂੰ ਏਜੰਸੀਆਂ ਦਾ ਬੰਦਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੋਰਚੇ ਦੇ ਲੋਕਾਂ ਨੂੰ ਮੇਰੇ ਅਕਾਲੀ ਹੋਣ ‘ਤੇ ਇਤਰਾਜ਼ ਹੈ, ਮੈਂ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗਾ ਪਰ ਮੋਰਚੇ ਦੇ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਪਾਰਟੀ ਦੇ ਬੰਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੀਆਂ ਜੋ ਮੰਗਾਂ ਹਨ, ਉਸ ਵਿਚ ਕਾਂਗਰਸ ਵਲੋਂ ਕੀਤੇ ਗਏ ਜ਼ੁਲਮਾਂ ਦੀ ਕੋਈ ਗੱਲ ਕਿਉਂ ਨਹੀਂ ਕਰਦਾ ।
ਦੱਸਣਯੋਗ ਹੈ ਕਿ ਕੌਮੀ ਇੰਨਸਾਫ ਮੋਰਚੇ ‘ਚ ਜਿਨ੍ਹਾਂ 9 ਸਿੱਖ ਕੈਦੀਆਂ ਦੀ ਫੋਟੇ ਜਾਰੀ ਕਰ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, ਉਨ੍ਹਾਂ 9 ਸਿੱਖ ਕੈਦੀਆਂ ਵਿਚ ਬਲਵੰਤ ਸਿੰਘ ਰਾਜੋਆਨਾ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਨਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਹਨ। ਉਹ ਇਸ ਕੇਸ਼ ‘ਚ ਪਿਛਲੇ 25 ਸਾਲਾਂ ਤੋਂ ਪਟਿਆਲਾ ਜੇਲ੍ਹ ‘ਚ ਸਜ਼ਾ ਕੱਟ ਰਹੇ ਹਨ।