ਕੇਂਦਰ ਸਰਕਾਰ ਵਲੋਂ ਰੋਕੇ ਗਏ ਫੰਡਾਂ ਨੂੰ ਲੈ ਕੇ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਪ੍ਰਤੀਕਰਮ ਸਾਹਮਣੇ ਆ ਚੁੱਕੇ ਹਨ। ਉਥੇ ਹੀ ਹੁਣ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਇਸ ਭੱਖਦੇ ਮੁੱਦੇ ‘ਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਵਲੋਂ ਤਾਨਾਸ਼ਾਹੀ ਰਵਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਸਿਹਤ ਕੇਂਦਰਾਂ ‘ਚ ਕੋਈ ਸਹੂਲਤ ਨਹੀਂ ਮਿਲ ਰਹੀ ਸੀ ਪਰ ਹੁਣ ਜਦੋਂ ਤੋਂ ‘ਆਮ ਆਦਮੀ ਕਲੀਨਿਕ’ ਬਣਾਏ ਗਏ ਹਨ, ਉਦੋਂ ਤੋਂ 15 ਲੱਖ ਦੇ ਕਰੀਬ ਲੋਕ ਸਹੂਲਤਾਂ ਲੈ ਰਹੇ ਹਨ। ਇਨ੍ਹਾਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਡਾਕਟਰ, ਸਟਾਫ਼ ਅਤੇ ਲੋਕ ਖ਼ੁਸ਼ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਸ ਤੋਂ ਤਕਲੀਫ਼ ਹੈ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵਰਲਡ ਕਲਾਸ ਸਹੂਲਤਾਂ ਦੇ ਰਹੇ ਹਾਂ।
ਸਿਹਤ ਮੰਤਰੀ ਨੇ ਦੱਸਿਆ ਕਿ ਕੇਂਦਰ ਨੇ ਪੰਜਾਬ ਦਾ ‘ਪੇਂਡੂ ਵਿਕਾਸ ਫੰਡ’ ਵੀ ਰੋਕਿਆ ਹੋਇਆ ਹੈ। ਪਿਛਲੀਆਂ ਸਰਕਾਰਾਂ ਜਦੋਂ ਇਸ ਫੰਡ ਦੀ ਦੁਰਵਰਤੋਂ ਕਰ ਰਹੀਆਂ ਸਨ ਤਾਂ ਇਹ ਫੰਡ ਨਹੀਂ ਰੋਕਿਆ ਗਿਆ ਪਰ ਹੁਣ ਮੋਦੀ ਸਰਕਾਰ ਨੇ ਇਹ ਫੰਡ ਰੋਕ ਦਿੱਤਾ ਹੈ। ਉਨ੍ਹਾਂ ਨੇ ਕੇਂਦਰ ਨੂੰ ਗ੍ਰਾਂਟਾਂ ਨਾ ਰੋਕਣ ਦੀ ਅਪੀਲ ਕਰਦਿਆਂ ਇਨ੍ਹਾਂ ਨੂੰ ਤੁਰੰਤ ਰਿਲੀਜ਼ ਕਰਨ ਦੀ ਗੱਲ ਕਹੀ। ਉਹਨਾਂ ਇਹ ਵੀ ‘ਰਾਸ਼ਟਰੀ ਸਿਹਤ ਮਿਸ਼ਨ’ ਤਹਿਤ ਕੇਂਦਰ ਦੀ 60 ਅਤੇ ਸੂਬੇ ਦੀ 40 ਫ਼ੀਸਦੀ ਫੰਡਿੰਗ ਹੁੰਦੀ ਹੈ। ਕੇਂਦਰ ਨੇ ਪੰਜਾਬ ਸਰਕਾਰ ਨੂੰ ਕੁੱਲ 1114 ਕਰੋੜ ਦੇਣੇ ਸੀ, ਜਿਸ ਵਿਚੋਂ ਕੇਂਦਰ ਨੇ ਸਿਰਫ 438 ਕਰੋੜ ਰੁਪਏ ਦਿੱਤੇ ਹਨ।