ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਕਤਲ ਕਾਂਡ ਦੀ ਗੁੱਥੀ ਪੰਜਾਬ ਪੁਲਿਸ ਨੇ ਸੁਲਝਾ ਦਿੱਤੀ ਹੈ। ਪੁਲਿਸ ਨੇ ਇਸ ਕਤਲਕਾਂਡ ਦੇ ਵਿਚ ਚਾਰ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਇਸ ਦੌਰਾਨ ਪੁਲਿਸ ਨੇ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਮ੍ਰਿਤਕ ਨਵਜੋਤ ਸਿੰਘ ਦੇ ਸਾਥੀਆਂ ਨਾਲ ਉਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਸਗੋਂ ਉਸ ਦੇ ਦੋਸਤ ਗੁਰਵਿੰਦਰ ਸਿੰਘ ਜੋ ਇਸ ਵਾਰਦਾਤ ਵਿਚ ਜ਼ਖਮੀ ਹੋਇਆ ਸੀ, ਉਹ ਮੁਲਜ਼ਮ ਮੋਹਿਤ ਕੰਬੋਜ ਸਣੇ ਚਾਰ ਸਾਥੀਆਂ ਨਾਲ ਯੂਨੀਵਰਸਿਟੀ ਦੇ ਕੋਲ ਹੀ ਇਕ ਕੋਠੀ ਵਿਚ ਕਿਰਾਏ ’ਤੇ ਰਹਿੰਦੇ ਸਨ।
ਕੋਠੀ ਦੇ ਬਿਜਲੀ ਦੇ ਬਿੱਲ ਨੂੰ ਲੈ ਕੇ ਗੁਰਵਿੰਦਰ ਦਾ ਮੁਲਜ਼ਮ ਮੋਹਿਤ ਨਾਲ ਪਹਿਲਾਂ ਵੀ ਝਗੜਾ ਹੋਇਆ ਸੀ। ਇਸ ਦਰਮਿਆਨ 27 ਤਾਰੀਖ਼ ਨੂੰ ਮੋਹਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਨ੍ਹਾਂ ਦੋਵਾਂ ਗੁਰਵਿੰਦਰ ਸਿੰਘ ਅਤੇ ਨਵਜੋਤ ਸਿੰਘ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਨਵਜੋਤ ਸਿੰਘ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ। ਹੁਣ ਪੁਲਿਸ ਨੇ ਮੁਲਜ਼ਮਾਂ ਨੂੰ ਵਾਰਦਾਤ ਵਿਚ ਵਰਤੇ ਗਏ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿਚ ਸ੍ਰੀ ਵਰੁਣ ਧਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।