ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਖ਼ਤਮ ਹੋਣ ਮਗਰੋਂ ਮੁੜ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚ ਗਏ ਹਨ। ਦੱਸ ਦੇਈਏ ਕਿ ਰਾਮ ਰਹੀਮ ਨੂੰ ਇਹ ਪੈਰੋਲ 25 ਜਨਵਰੀ ਨੂੰ ਹੋਣ ਵਾਲੇ ਦੂਜੇ ਗੱਦੀਨਸ਼ੀਨ ਸ਼ਾਹ ਸਤਨਾਮ ਮਹਾਰਾਜ ਦੇ ਅਵਤਾਰ ਦਿਵਸ ਮੌਕੇ ਹੋਣ ਵਾਲੇ ਭੰਡਾਰੇ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਿਲੀ ਸੀ। ਦਸ ਦਈਏ ਕਿ ਜਦੋਂ ਰਾਮ ਰਹੀਮ ਦੇ ਸੁਨਾਰੀਆ ਜੇਲ੍ਹ ਪੁੱਜਣ ਦਾ ਸਮਾਂ ਆਇਆ ਤਾਂ ਜੇਲ੍ਹ ਦੇ ਬਾਹਰ ਸ਼ਰਧਾਲੂਆਂ ਦੀ ਭਾਰੀ ਭੀੜ ਦਰਸ਼ਨਾਂ ਲਈ ਉਮੜੀ ਹੋਈ ਸੀ।
ਦਸਣਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਵਾਰ ਇਹ 40 ਦਿਨ ਦੀ ਪੈਰੋਲ ਹਰਿਆਣਾ ਸਰਕਾਰ ਦੇ ਜੇਲ੍ਹ ਵਿਭਾਗ ਨੇ 20 ਜਨਵਰੀ ਨੂੰ ਦਿੱਤੀ ਸੀ ਅਤੇ ਉਹ 21 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆ ਗਏ ਸੀ ਜਿਸਦਾ ਸ਼ੁੱਕਰਵਾਰ ਨੂੰ ਆਖ਼ਰੀ ਦਿਨ ਸੀ। ਰਾਮ ਰਹੀਮ ਦੇ ਪੁੱਜਣ ਤੋਂ ਪਹਿਲਾਂ ਜੇਲ੍ਹ ਦੇ ਨੇੜੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਚੌਕਸ ਕੀਤੇ ਹੋਏ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਇਸ 40 ਦਿਨ ਦੀ ਪੈਰੋਲ ਵਿਰੁੱਧ ਐਸਜੀਪੀਸੀ ਨੇ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਖਲ ਕੀਤੀ ਹੋਈ ਹੈ, ਜਿਸ ‘ਤੇ ਅਜੇ ਵੀ ਸੁਣਵਾਈ ਚੱਲ ਰਹੀ ਹੈ। ਪਿਛਲੀ ਸੁਣਵਾਈ ਵਿੱਚ ਹਾਈਕੋਰਟ ਨੇ ਪੈਰੋਲ ਖਤਮ ਹੋਣ ਤੋਂ ਬਾਅਦ ਵੀ ਮਾਮਲੇ ਦੀ ਸੁਣਵਾਈ ਜਾਰੀ ਰਹਿਣ ਬਾਰੇ ਕਿਹਾ ਸੀ। ਹਾਈਕੋਰਟ ਹੁਣ ਮਾਮਲੇ ਦੀ ਸੁਣਵਾਈ ਮੈਰਿਟ ਦੇ ਆਧਾਰ ‘ਤੇ ਕਰੇਗਾ, ਜਿਸਦੀ ਅਗਲੀ ਤਾਰੀਖ 9 ਮਾਰਚ ਹੈ।
ਡੇਰਾ ਮੁਖੀ ਨੇ ਇਨ੍ਹਾਂ 40 ਦਿਨਾਂ ਦੌਰਾਨ ਜੇਲ੍ਹ ਤੋਂ ਬਾਹਰ ਆਪਣੇ 2 ਗੀਤ ਜਾਰੀ ਕੀਤੇ। ਇਸ ਦੌਰਾਨ ਰਾਮ ਰਹੀਮ ਵੱਲੋਂ ਡੇਰਾ ਸਲਾਬਤਪੁਰਾ ਵਿਖੇ ਆਨਲਾਈਨ ਸਤਿਸੰਗ ਵੀ ਕੀਤਾ ਗਿਆ ਸੀ, ਜਿਸ ਨੂੰ ਲੈਕੇ ਇੱਕ ਵਿਵਾਦ ਵੀ ਖੜਾ ਹੋ ਗਿਆ ਸੀ। ਰਾਮ ਰਹੀਮ ਨੇ ਕਿਸੇ ਦਾ ਨਾਂ ਲਏ ਬਗੈਰ ਆਪਣੇ ਵਿਰੋਧੀਆਂ ਉਤੇ ਨਿਸ਼ਾਨਾ ਸਾਧਿਆ ਸੀ। ਰਾਮ ਰਹੀਮ ਨੇ ਕਿਹਾ ਸੀ ਮੇਰਾ ਵਿਰੋਧ ਕਰਨ ਵਾਲਿਓ ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਨਸ਼ਾ ਛੁੱਡਾ ਲਓ। ਜੇਕਰ ਤੁਸੀਂ ਨਸ਼ਾ ਛੁਡਾ ਲੈਂਦੇ ਹੋ ਤਾਂ ਤੁਹਾਡੇ ਨੰਬਰ ਬਣ ਜਾਣਗੇ ਅਤੇ ਤੁਸੀਂ ਇੱਕ ਨੰਬਰ ਉਤੇ ਆ ਜਾਵੋਗੇ। ਰਾਮ ਰਹੀਮ ਨੇ ਕਿਹਾ ਕਿ ਸਾਡਾ ਚੈਲਿੰਜ ਹੈ ਖੁਲੇ ਮੈਦਾਨ ਵਿੱਚ ਆ ਜਾਓ। ਇੱਕ ਵਾਰ ਸਮਾਜ ਨੂੰ ਤਾਂ ਸੁਧਾਰ ਲਓ।