ਪੰਜਾਬ ਦੇ ਵਿਚ ਗੈਂਗਸਟਰ ਰਾਜ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਹੁਣ ਲੋਕ ਕਲਾਕਾਰ ਜਾਂ ਕਿਸੇ ਨਾਮੀ ਵਿਅਕਤੀ ਨੂੰ ਛੱਡਕੇ ਗੈਂਗਸਟਰਾਂ ਨੂੰ ਫੋਲੋ ਕਰਨ ਲੱਗ ਪਏ ਹਨ। ਜਿਸ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਬਠਿੰਡਾ ਜੇਲ੍ਹ ਵਿੱਚ ਬੰਦ ਖੌਫ਼ਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਦਿੱਲੀ ਤੋਂ ਦੋ ਨਾਬਾਲਗ ਕੁੜੀਆਂ ਪਹੁੰਚੀਆਂ। ਪੁਲਿਸ ਨੇ ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਜਦੋਂ ਇਨ੍ਹਾਂ ਲੜਕੀਆਂ ਨੇ ਜੇਲ੍ਹ ਦੇ ਬਾਹਰ ਸੈਲਫੀਆਂ ਲੈਣੀਆਂ ਸ਼ੁਰੂ ਕੀਤਾ ਤਾਂ ਜੇਲ ਸਟਾਫ ਨੇ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਇਨ੍ਹਾਂ ਲੜਕੀਆਂ ਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਦੀਆਂ ਪ੍ਰਸ਼ੰਸਕ ਹਨ ਅਤੇ ਉਸਨੂੰ ਇੱਥੇ ਮਿਲਣ ਆਈਆਂ ਹਨ। ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਬੱਚੀਆਂ ਨਾਬਾਲਗ ਹਨ ਅਤੇ ਦਿੱਲੀ ਤੋਂ ਆਪਣੇ ਮਾਪਿਆਂ ਨੂੰ ਪੰਜਾਬ ਘੁੰਮਣ ਦਾ ਕਹਿ ਕੇ ਇਥੇ ਆਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਧਰ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਪਰਮ ਪਾਰਸ ਚਹਿਲ ਨੇ ਦੱਸਿਆ ਕੇ ਲੜਕੀਆਂ ਦੇ ਮਾਪਿਆਂ ਨੂੰ ਦਿੱਲੀ ਤੋਂ ਇਥੇ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨਬਾਲਗ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਸਖੀ ਸੈਂਟਰ ਭੇਜ ਦਿੱਤਾ ਗਿਆ ਹੈ। ਉਧਰ ਸੂਤਰਾਂ ਤੋਂ ਪਤਾ ਚਲਿਆ ਹੈ ਇਹ ਲੜਕੀਆਂ ਮੂਲ ਰੂਪ ਵਿੱਚ ਝਾਰਖੰਡ ਨਾਲ ਸੰਬੰਧਤ ਹਨ ਅਤੇ ਇਨ੍ਹਾਂ ਨੇ ਇੰਸਟਾਗ੍ਰਾਮ ਸਣੇ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਰੈਂਸ਼ ਨੂੰ ਫੋਲੋ ਵੀ ਕੀਤਾ ਹੋਇਆ ਹੈ।