ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹਲਕਾ ਤਲਵੰਡੀ ਸਾਬੋ ਵਿਖੇ ਯੂਥ ਮਿਲਣੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਜਿੱਥੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।
300 ਯੂਨਿਟ ਬਿਜਲੀ ਮੁਆਫੀ ਸਿਰਫ ਇਕ ਦਿਖਾਵਾ ਹੈ
ਉਨ੍ਹਾਂ ਕਿਹਾ- ਇਹ ਆਮ ਲੋਕਾਂ ਦੀ ਨਹੀਂ, ਬੇਕਾਰ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਨੇ ਬਹਾਨਾ ਲਾਇਆ ਹੈ ਕਿ ਸਰਕਾਰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇ ਰਹੀ ਹੈ। ਉਨ੍ਹਾਂ ਕਿਹਾ- ਇੱਕ ਪਾਸੇ ਤਾਂ 300 ਯੂਨਿਟਾਂ ਨੂੰ ਮੁਆਫ਼ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਇਸ ਦੀ ਭਰਪਾਈ ਲਈ ਹਰ ਵਿਧਾਨ ਸਭਾ ਹਲਕੇ ਤੋਂ 15 ਹਜ਼ਾਰ ਤੋਂ ਵੱਧ ਨੀਲੇ ਕਾਰਡ ਰੱਦ ਕਰ ਰਹੇ ਹਨ।
ਅੰਮ੍ਰਿਤਸਰ ਦੇ ਸਕੂਲ ਆਫ ਐਮੀਨੈਂਸ ‘ਤੇ ਉੱਠੇ ਸਵਾਲ
ਉਨ੍ਹਾਂ ਅੰਮ੍ਰਿਤਸਰ ‘ਚ ਖੋਲ੍ਹੇ ਗਏ ਸਕੂਲ ਆਫ ਐਮੀਨੈਂਸ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਜਿਸ ਸਕੂਲ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ। ਹੁਣ ਕੁਝ ਤਬਦੀਲੀਆਂ ਤੋਂ ਬਾਅਦ ਉਸੇ ਸਕੂਲ ਨੂੰ ਸਾਡੀ ਸਰਕਾਰ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਤੇ ਪੰਜਾਬ ਦੇ ਨੌਜਵਾਨਾਂ ’ਤੇ ਦੂਜੇ ਰਾਜਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦੋਸ਼ ਵੀ ਲਾਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਿਰਫ਼ ਆਪਣਾ ਨਾਂਅ ਚਮਕਾਉਣ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਉਸ ਪੈਸੇ ਨਾਲ ਉਹ ਦੂਜੇ ਰਾਜਾਂ ਵਿੱਚ ਜਾ ਕੇ ਨਾ ਸਿਰਫ਼ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਨ। ‘ਆਪ’ ਸਰਕਾਰ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਆਉਣ ਵਾਲੀਆਂ ਚੋਣਾਂ ਪੂਰੀ ਤਾਕਤ ਨਾਲ ਲੜਨ ਦੀ ਅਪੀਲ ਕੀਤੀ।