ਇਸ ਵੇਲੇ ਦੀ ਵੱਡੀ ਖ਼ਬਰ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪੰਜਾਬ ਵਿਜੀਲੈਂਸ ਨੇ ‘ਆਪ’ ਵਿਧਾਇਕ ਅਮਿਤ ਰਤਨ ਨੂੰ ਬਿੱਲ ਪਾਸ ਕਰਵਾਉਣ ਦੇ ਬਦਲੇ ਸਰਪੰਚ ਤੋਂ 4-5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਵਿਜੀਲੈਂਸ ਵਿਭਾਗ ਨੇ ਰਾਜਪੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ। ਦਸਣਯੋਗ ਹੈ ਕਿ ਇਸ ਮਾਮਲੇ ਵਿਚ ਕੋਟਫੱਤਾ ਦੇ ਕਰੀਬੀ ਰਿਸ਼ਮ ਗਰਗ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਉਸ ਸਮੇਂ ਵਿਧਾਇਕ ਨੇ ਕਿਹਾ ਸੀ ਕਿ ਰਸ਼ਮ ਗਰਗ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਰਸ਼ਮ ਉਨ੍ਹਾਂ ਦਾ ਪੀ. ਏ. ਵੀ ਨਹੀਂ ਹੈ। ਜਿਸ ਨੇ ਵੀ ਰਿਸ਼ਵਤ ਲਈ ਹੈ, ਉਸ ਖ਼ਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ। ਅਮਿਤ ਨੇ ਪੁਲਸ ਪ੍ਰਸ਼ਾਸ਼ਨ ਤੋਂ ਇਸ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ, ਪਰ ਜਦੋਂ ਵਿਜੀਲੈਂਸ ਨੇ ਲਾਈਵ ਰੇਡ ਦੀ ਵੀਡੀਓ ਜਾਰੀ ਕੀਤੀ ਸੀ ਤਾਂ ਉਸ ਸਮੇਂ ਵਿਧਾਇਕ ਕੋਟਫੱਤਾ ਆਪਣੀ ਕਰੀਬੀ ਰਸ਼ਮ ਗਰਗ ਨਾਲ ਰਿਸ਼ਵਤ ਲੈਂਦੇ ਵੇਖੇ ਗਏ ਸੀ।
ਦੱਸਣਯੋਗ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸੱਤਾ ‘ਚ ਆਉਣ ਦੇ 11 ਮਹੀਨਿਆਂ ‘ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਦੋ ਮੰਤਰੀ ਕੁਰਸੀ ਗੁਆ ਚੁੱਕੇ ਹਨ। ਪਹਿਲਾਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕੀਤਾ ਗਿਆ ਸੀ। ਉਨ੍ਹਾਂ ‘ਤੇ ਕੰਮ ਦੇ ਬਦਲੇ ਠੇਕੇਦਾਰ ਤੋਂ ਕਮਿਸ਼ਨ ਮੰਗਣ ਦਾ ਦੋਸ਼ ਸੀ ਅਤੇ ਹੁਣ ਰਿਸ਼ਵਤ ਮਾਮਲੇ ਵਿਚ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਗ੍ਰਿਫ਼ਤਾਰ ਹੋ ਗਏ ਹਨ। ਵੇਖਣਾ ਹੋਵੇਗਾ ਕੀ ਹੁਣ ਅਮਿਤ ਰਤਨ ਵੀ ਪਾਰਟੀ ‘ਚੋਂ ਬਾਰਹ ਹੁੰਦੇ ਹਨ ਜਾਂ ਨਹੀਂ।