ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਸ਼ਰਾਬ ਨੀਤੀ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ED ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ਰਾਬ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਦਿੱਲੀ ਸ਼ਰਾਬ ਨੀਤੀ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਦਸਣਯੋਗ ਹੈ ਕਿ ਦੀਪ ਮਲਹੋਤਰਾ, ਜੋ ਕਿ ਜ਼ੀਰਾ ਸ਼ਰਾਬ ਫੈਕਟਰੀ, ਕੰਪਨੀ ਓਏਸਿਸ ਗਰੁੱਪ ਦੇ ਮਾਲਕ ਹਨ, ਦੀਆਂ ਜਾਇਦਾਦਾਂ ‘ਤੇ ਏਜੰਸੀ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਪੰਜਾਬ ਵਿੱਚ ਛਾਪੇਮਾਰੀ ਕੀਤੀ ਗਈ ਸੀ।
ਈਡੀ ਦੇ ਸੂਤਰਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੁਆਰਾ ਦਿੱਲੀ ਵਿੱਚ ਨਵੀਂ ਸ਼ਰਾਬ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਗੌਤਮ ਨੇ ਕਾਰਟਲਾਈਜ਼ੇਸ਼ਨ (Cartelisation) ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਈਡੀ ਦੇ ਇੱਕ ਅਧਿਕਾਰੀ ਨੇ ਕਿਹਾ, “ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ।”
ਈਡੀ ਨੇ ਇੱਕ ਅਦਾਲਤ ਨੂੰ ਦੱਸਿਆ ਹੈ ਕਿ ਕੇਜਰੀਵਾਲ ਸਰਕਾਰ ਦੁਆਰਾ ਤਿਆਰ ਕੀਤੀ ਗਈ ਸ਼ਰਾਬ ਨੀਤੀ ਦੀ ਉਨ੍ਹਾਂ ਲੋਕਾਂ ਦੁਆਰਾ ਸ਼ਰੇਆਮ ਉਲੰਘਣਾ ਕੀਤੀ ਗਈ ਜਿਨ੍ਹਾਂ ਨੇ ਲਾਇਸੈਂਸ ਪ੍ਰਾਪਤ ਕੀਤੇ ਕਿਉਂਕਿ ਨਿਰਮਾਤਾਵਾਂ ਦੀ ਵੰਡ ਕੰਪਨੀਆਂ ਵਿੱਚ ਕਰਾਸ ਹੋਲਡਿੰਗ ਸੀ ਅਤੇ ਬਾਅਦ ਵਿੱਚ ਰਿਟੇਲ ਠੇਕਿਆਂ ਵਿੱਚ ਹੋਲਡਿੰਗ ਸੀ। ਏਜੰਸੀ ਦਾ ਅੰਦਾਜ਼ਾ ਹੈ ਕਿ ਇਸ ਮਾਮਲੇ ‘ਚ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ। ਅਕਤੂਬਰ 2022 ਵਿੱਚ, ਈਡੀ ਨੇ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ, ਦੀਪ ਮਲਹੋਤਰਾ ਨਾਲ ਜੁੜੇ ਦੋ ਟਿਕਾਣਿਆਂ ਸਮੇਤ ਪੰਜਾਬ ਵਿੱਚ ਚਾਰ ਥਾਵਾਂ ‘ਤੇ ਛਾਪੇ ਮਾਰੇ। ਇਹ ਛਾਪੇ ਪੰਜਾਬ ਦੇ ਫਰੀਦਕੋਟ ਵਿੱਚ ਦੋ ਅਤੇ ਲੁਧਿਆਣਾ ਅਤੇ ਮਾਨਸਾ ਵਿੱਚ ਇੱਕ-ਇੱਕ ਥਾਵਾਂ ’ਤੇ ਮਾਰੇ ਗਏ। ਮਲਹੋਤਰਾ ਨਾਲ ਜੁੜੇ ਦੋਵੇਂ ਅੱਡੇ ਫਰੀਦਕੋਟ ਵਿਖੇ ਸਨ।
ਉਸ ਸਮੇਂ ਸੰਪਰਕ ਕਰਨ ‘ਤੇ ਦੀਪ ਮਲਹੋਤਰਾ ਦੇ ਦਫਤਰ ਨੇ ਪੁਸ਼ਟੀ ਕੀਤੀ ਸੀ ਕਿ ਈਡੀ ਨੇ ਉਨ੍ਹਾਂ ਦੀਆਂ ਕੁਝ ਸ਼ਰਾਬ ਯੂਨਿਟਾਂ ‘ਤੇ ਛਾਪੇਮਾਰੀ ਕੀਤੀ ਸੀ। ਉਨ੍ਹਾਂ ਦੇ ਦਫ਼ਤਰ ਨੇ ਕਿਹਾ ਸੀ ਕਿ ਸਾਰੇ ਦਸਤਾਵੇਜ਼ ਠੀਕ ਹਨ। ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 14 ਹੋਰਾਂ ਖ਼ਿਲਾਫ਼ ਸੀਬੀਆਈ ਦੀ ਐਫਆਈਆਰ ਦੇ ਆਧਾਰ ’ਤੇ ਪਿਛਲੇ ਸਾਲ ਅਗਸਤ ਵਿੱਚ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਹ ਛਾਪੇ ਇੰਡੋਸਪੀਰੀਟ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਮਹਿੰਦਰੂ ਦੀ ਦਿੱਲੀ ਸ਼ਰਾਬ ਨੀਤੀ ਨਾਲ ਜੁੜੀਆਂ ਬੇਨਿਯਮੀਆਂ ਵਿੱਚ ਕਥਿਤ ਭੂਮਿਕਾ ਲਈ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਕੀਤੇ ਗਏ ਸਨ।