ਪਟਿਆਲਾ : ਫਰਵਰੀ 2022 ’ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ‘ਆਪ’ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ’ਤੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ, ਜੋ ਕਿ ਜੁਲਾਈ 2022 ‘ਚ ‘ਆਪ’ ਸਰਕਾਰ ਨੇ ਆਪਣਾ ਵਾਅਦਾ ਪੂਰਾ ਵੀ ਕੀਤਾ ਪਰ ਇਸ ਮੁਫ਼ਤ ਬਿਜਲੀ ਕਾਰਨ ਚੱਲ ਰਹੇ ਮੰਦੜੇ ਹਾਲ ਦਰਮਿਆਨ ਪਾਵਰਕਾਮ ਦੇ ਮੁਲਾਜ਼ਮਾਂ ਦੀ ਜ਼ਮੀਰ ਜਾਗ ਪਈ ਹੈ। ਇੰਜੀਨੀਅਰ ਸੁਖਵੰਤ ਸਿੰਘ ਨੇ ਮੁਫ਼ਤ ਬਿਜਲੀ ਬੰਦ ਕਰਵਾਉਣ ਸਬੰਧੀ ਆਪਣੇ ਉੱਚ ਅਧਿਕਾਰੀ (ਦਿੜ੍ਹਬਾ ਦੇ ਐਸਡੀਓ) ਨੂੰ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਕਰਨ ਦਾ ਲਾਭ ਲੋਕਾਂ ਨੂੰ ਤਾਂ ਹੋ ਰਿਹਾ ਪਰ ਹਰ ਮਹੀਨੇ 300 ਯੂਨਿਟ ਮੁਫ਼ਤ ਦੇਣ ਨਾਲ ਬਿਜਲੀ ਬੋਰਡ ‘ਤੇ ਵਿੱਤੀ ਭਾਰ ਵੱਧ ਰਿਹਾ ਹੈ। 300 ਯੂਨਿਟ ਮੁਫ਼ਤ ਦੇਣ ਨਾਲ ਅਤੇ ਹੋਰ ਕਾਰਨਾ ਕਰਕੇ PSPCL ਮੰਦਹਾਲੀ ‘ਚ ਹੈ। ਸੁਖਵੰਤ ਸਿੰਘ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ 300 ਯੂਨਿਟ ਮੂਫ਼ਤ ਬਿਜਲੀ ਉਹ ਨਹੀਂ ਲੈਣਗੇ ਅਤੇ ਬਣਦਾ ਬਿੱਲ ਉਹ ਭਰਿਆ ਕਰਨਗੇ।
ਇਸਦੇ ਨਾਲ ਹੀ ਪਟਿਆਲਾ ਦੇ ਗੁਰਦਰਸ਼ਨ ਨਗਰ ਰਹਿੰਦੇ ਪਤੀ-ਪਤਨੀ ਮੁਲਾਜ਼ਮ ਕਰਮਜੀਤ ਸਿੰਘ ਤੇ ਪਰਮਜੀਤ ਕੌਰ ਨੇ ਚੇਅਰਮੈਨ ਨੂੰ ਮੁਫ਼ਤ ਬਿਜਲੀ ਨਾ ਲੈਣ ਲਈ ਪੱਤਰ ਲਿਖਿਆ ਹੈ।