ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਸ਼ਤੀ ਰਾਹੀਂ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਮੁੱਖ ਮੰਤਰੀ ਐਨ.ਡੀ.ਆਰ.ਐਫ ਦੇ ਜਵਾਨਾਂ ਨਾਲ ਕਿਸ਼ਤੀ ਵਿੱਚ ਪਿੰਡ ਰਾੜਾ ਅਤੇ ਫੱਤਾ ਕੁੱਲਾ ਗਏ। ਪਿੰਡ ਹਲਕਾ ਜਨਾਰਦਨ ਦਾ ਵੀ ਦੌਰਾ ਕੀਤਾ।
ਸਰਕਾਰ ਲਈ ਲੋਕਾਂ ਦੀਆਂ ਜਾਨਾਂ ਕੀਮਤੀ ਦੱਸੀਆਂ ਗਈਆਂ
ਇਸ ਦੌਰਾਨ ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਲਈ ਹਰੇਕ ਨਾਗਰਿਕ ਦੀ ਜਾਨ ਬਹੁਤ ਕੀਮਤੀ ਹੈ ਅਤੇ ਲੋਕਾਂ ਨੂੰ ਇਸ ਔਖੇ ਸਮੇਂ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੰਜਾਬ ‘ਚ ਹੜ੍ਹਾਂ ਨੇ ਦੁਬਾਰਾ ਦਸਤਕ ਦਿੱਤੀ ਹੈ..ਪਰ ਮੈਂ ਹਰ ਰੋਜ਼ ਸਥਿਤੀ ਬਾਰੇ ਜਾਣੂ ਹੋ ਰਿਹਾ ਹਾਂ..ਅੱਜ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ…ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤੇ ਹੌਂਸਲਾ ਹਿੰਮਤ ਬਰਕਰਾਰ ਰੱਖਣ ਦੀ ਅਪੀਲ ਕੀਤੀ…ਸਮਾਂ ਔਖਾ ਜ਼ਰੂਰ ਹੈ ਪਰ ਇੱਕ ਦੂਜੇ ਦੇ ਸਾਥ ਨਾਲ ਲੰਘ… pic.twitter.com/SGh09b1LbR
— Bhagwant Mann (@BhagwantMann) August 17, 2023
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੈਲੀਕਾਪਟਰਾਂ ਸਮੇਤ ਸੂਬਾ ਸਰਕਾਰ ਦੀ ਸਮੁੱਚੀ ਮਸ਼ੀਨਰੀ ਲੋਕਾਂ ਦੀ ਮਦਦ ਲਈ ਕੰਮ ਕਰ ਰਹੀ ਹੈ। ਭਾਵੇਂ ਸੂਬੇ ਵਿੱਚ ਮੀਂਹ ਨਹੀਂ ਪਿਆ ਪਰ ਪਹਾੜੀ ਰਾਜਾਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਤਾਜ਼ਾ ਸਥਿਤੀ ਜਾਣਨ ਲਈ ਹਿਮਾਚਲ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੰਪਰਕ ਵਿੱਚ ਹਨ।
ਕਿਹਾ- ਪੌਂਗ ਡੈਮ ਤੋਂ ਪੰਜਾਬ ਨੂੰ ਕੋਈ ਖ਼ਤਰਾ ਨਹੀਂ, ਪਾਣੀ ਘੱਟ ਰਿਹਾ ਹੈ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੌਂਗ ਡੈਮ ਤੋਂ ਵਾਧੂ ਪਾਣੀ ਛੱਡਣ ਕਾਰਨ ਜ਼ਿਲ੍ਹਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ 6 ਫੁੱਟ ਉੱਪਰ ਹੈ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਪਹਿਲਾਂ ਇਹ ਖ਼ਤਰੇ ਦੇ ਨਿਸ਼ਾਨ ਤੋਂ 10 ਫੁੱਟ ਉੱਪਰ ਸੀ। ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਡੈਮ ਤੋਂ ਕੰਟਰੋਲ ਕਰਕੇ ਹੀ ਪਾਣੀ ਛੱਡਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।