ਪੰਜਾਬ ਦੇ ਬਟਾਲਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਪਿੰਡ ਚੀਮਾ ਖੁੱਡੀ ਦੇ ਇੱਕ 5 ਸਾਲਾ ਬੱਚੇ ਦੀ ਸਕੂਲ ਬੱਸ ਦੀ ਲਪੇਟ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ । ਜਾਣਕਾਰੀ ਦੇ ਮੁਤਾਬਕ ਮ੍ਰਿਤਕ ਬੱਚੇ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 5 ਸਾਲ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਸੈਂਟਰਲ ਪਬਲਿਕ ਸਕੂਲ ਵਿੱਚ ਨਰਸਰੀ ਕਲਾਸ ‘ਚ ਪੜ੍ਹ ਰਿਹਾ ਸੀ ਅਤੇ ਅੱਜ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਿਆਂ ਨੂੰ ਘਰ ਵਿੱਚ ਛੱਡਣ ਲਈ ਸਕੂਲੀ ਬੱਸ ਚੀਮਾ ਖੁੱਡੀ ਵਿੱਚ ਪੁੱਜੀ ਤਾਂ ਬਦਕਿਸਮਤੀ ਨਾਲ ਪੰਜ ਸਾਲਾਂ ਹਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ ਪੀ ਰਜੇਸ਼ ਕੱਟੜ ਅਤੇ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਅਜੇ ਫਰਾਰ ਹੈ।ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਬੱਚੇ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਬੱਸ ਚਾਲਕ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਸ ਦੇ ਬੱਚੇ ਦੀ ਮੌਤ ਹੋਈ ਹੈ, ਇਸ ਲਈ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਮਾਮਲੇ ‘ਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।